ਪਿਆਰੇ ਵਿਦਿਆਰਥੀਓ !
ਸਿੱਖਿਆ ਦਾ ਉਦੇਸ਼ ਵਿਅਕਤੀ ਵਿਸ਼ੇਸ਼ ਦੇ ਵਿਅਕਤੀਤਵ, ਸਰੀਰਕ, ਮਾਨਸਿਕ ਅਤੇ ਬੌਧਿਕ ਰੂਪ ਵਿੱਚ ਵਿਕਾਸ ਕਰਨਾ ਹੁੰਦਾ ਹੈ । ਸਿੱਖਿਆ ਮਨੁੱਖ ਨੂੰ ਸਮਾਜ ਵਿੱਚ ਸਨਮਾਨਯੋਗ ਸਥਾਨ ਦਿਵਾਉਂਦੀ ਹੈ ਉੱਥੇ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਸੀਮਾਵਾਂ ਨੂੰ ਦੂਰ ਕਰ ਵਿਸ਼ਵ ਦੇ ਕਿਸੇ ਖਿੱਤੇ ਤਕ ਪਹੁੰਚ ਕਰਨ ਦੇ ਸਮਰੱਥ ਬਣਾਉਣ ਦਾ ਸਾਧਨ ਵੀ ਹੈ । ਸਿੱਖਿਆ ਮਨੁੱਖ ਨੂੰ ਸਮਾਜਿਕ ਯਥਾਰਥ ਦੇ ਅਰਥ ਸਮਝਾਉਂਦੀ ਹੋਈ ਮਨੁੱਖੀ ਜੀਵਨ ਵਿੱਚ ਨਿੱਤਦਿਨ ਵੱਧ ਰਹੀਆਂ ਪਦਾਰਥਵਾਦੀ ਰੁਚੀਆਂ ਤੋਂ ਜਾਣੂ ਕਰਵਾਉਂਦੀ ਮਨੁੱਖ ਨੂੰ ਭਾਵੁਕ, ਸੰਤੁਲਿਤ, ਸ਼ਾਂਤਮਈ ਅਤੇ ਸਹਿਣਸ਼ੀਲ ਬਣਨ ਦੀ ਪ੍ਰੇਰਨਾ ਦਿੰਦੀ ਹੈ । ਇਸ ਤਰ੍ਹਾਂ ਸਿੱਖਿਆ ਸਹੀ ਗਲਤ ਵਿੱਚ ਚੋਣ ਕਰਨ ਲਈ ਰਾਹ ਦਸੇਰਾ ਬਣਦੀ ਹੈ । ਇਸ ਜ਼ਿੰਮੇਵਾਰੀ ਨੂੰ ਰਸਮੀ ਤੇ ਗੈਰ-ਰਸਮੀ ਦੋਵੇਂ ਤਰ੍ਹਾਂ ਦੀਆਂ ਵਿੱਦਿਅਕ ਸੰਸਥਾਵਾਂ ਨਿਭਾ ਰਹੀਆਂ ਹਨ। ਅਜੋਕੇ ਉੱਚ ਸਤਰੀ ਮੁਕਾਬਲੇ ਦੇ ਦੌਰ ਵਿੱਚ ਰਸਮੀ ਸਿੱਖਿਆ ਦੇਣ ਵਾਲੀਆ ਸੰਸਥਾਵਾਂ ਦਾ ਰੋਲ ਬਹੁਤ ਅਹਿਮ ਹੋ ਗਿਆ ਹੈ । ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਮੰਡੀ ਦੀਆਂ ਸ਼ਕਤੀਆਂ ਸਾਡੀਆਂ ਸਿਹਤਮੰਦ ਕਦਰਾਂ-ਕੀਮਤਾਂ ਅਤੇ ਵਿੱਦਿਅਕ ਢਾਂਚੇ ਤੇ ਮੂੰਹ-ਜੋਰ ਹੋ ਕੇ ਹਾਣੀ ਹੋਣ ਤੇ ਯਤਨ ਵਿੱਚ ਹੈ । ਅਵਿਕਸਤ ਜਾਂ ਵਿਕਾਸਸ਼ੀਲ ਸੰਸਕ੍ਰਿਤੀਆਂ ਦਾ ਹਰ ਪ੍ਰਬੰਧ ਮੰਡੀ ਦੀਆਂ ਸ਼ਕਤੀਆਂ ਸਾਹਮਣੇ ਭਾਰੀ ਦਬਾਅ ਹੇਠ ਹੈ । ਇਸ ਲਈ ਜ਼ਰੂਰੀ ਹੈ ਕਿ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਸੁਦ੍ਰਿੜ ਕਰਨ ਦੀ ਲੋੜ ਹੈ ।
ਮੈਂ ਪੂਰਨ ਆਸ ਕਰਦਾ ਹਾਂ ਕਿ ਜਿਸ ਸੰਸਥਾ ਵਿੱਚ ਤੁਸੀਂ ਦਾਖ਼ਲਾ ਲੈ ਰਹੇ ਹੋ, ਇਹ ਸੰਸਥਾ ਤੁਹਾਡੀ ਜ਼ਿੰਦਗੀ ਦੇ ਦੀਵੇ ਨੂੰ ਰੁਸ਼ਨਾਉਣ ਵਿੱਚ ਅਹਿਮ ਰੋਲ ਨਿਭਾਏਗੀ । ਮੈਂ ਤੁਹਾਡੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਹੋਇਆ, ਤੁਹਾਡਾ ਸਵਾਗਤ ਕਰਦਾ ਹਾਂ ।
ਪ੍ਰੋ. (ਡਾ.) ਸੁਖਵਿੰਦਰ ਸਿੰਘ
ਪ੍ਰਿੰਸੀਪਲ